ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਹੁਕਮਾਂ ਅਨੁਸਾਰ ਸੰਤ ਤੇਜਾ ਸਿੰਘ (ਐਮ.ਏ., ਐਲ.ਐਲ.ਬੀ., ਏ.ਐਮ.ਹਾਰਵਰਡ ਯੂ.ਐਸ.ਏ.) ਵਲੋਂ ਵਰੋਸਾਈ ਅਤੇ ਵੱਖ-ਵੱਖ ਸਾਧੂ ਮਹਾਤਮਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਬੜੂ ਸਾਹਿਬ (ਹਿ.ਪ੍ਰ.) ਵਿਖੇ ਨਤਮਸਤਕ ਹੋ ਕੇ ਅਲੌਕਿਕ ਅਨੰਦ ਪ੍ਰਾਪਤ ਕੀਤਾ । ਉਕਤ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਗੁਰਦੁਆਰਾ ਬੜੂ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਸਿੱਖਿਆ ਮੰਤਰੀ ਸ੍ਰੀ ਸਿੰਗਲਾ ਦੇ ਬੜੂ ਸਾਹਿਬ ਵਿਖੇ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਜਿੱਥੇ ਆਈ.ਬੀ. ਸਕੂਲ ਬੜੂ ਸਾਹਿਬ ਦਾ ਦੌਰਾ ਕਰਕੇ ਆਈ.ਬੀ. ਸਕੂਲ ਦੇ ਸਕਾਰਾਤਮਕ ਰਵੱਈਏ, ਹੁਨਰ, ਗਿਆਨ ਅਤੇ ਸੰਤੁਲਨ ਦੀ ਪ੍ਰਸ਼ੰਸ਼ਾ ਕੀਤੀ, ਓਥੇ ਨਾਲ ਹੀ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਖੇ ਉਨ੍ਹਾਂ ਨੇ ਇਕ ਸੈਮੀਨਾਰ ’ਚ ਵੀ ਸ਼ਮੂਲੀਅਤ ਕੀਤੀ । ਸ੍ਰੀ ਸਿੰਗਲਾ ਨੇ ਸੈਟਰਲ ਕਿਚਨ ਐਂਡ ਬੇਕਰੀ, ਫਲ ਫੁੱਲ ਟਰੀਟਮੈਂਟ ਪਲਾਟ, ਅਕਾਲ ਚੈਰੀਟੇਬਲ ਹਸਪਤਾਲ, ਨਰਸਿੰਗ ਕਾਲਜ, ਸੋਲਡ ਵੇਸਟ ਮੈਨੇਜਮੈਂਟ ਪਲਾਂਟ, ਯੂਨੀਵਰਸਿਟੀ ਡੇਅਰੀ ਫਾਰਮ, ਯੂਨੀਵਰਸਿਟੀ ਖੇਤੀਬਾੜੀ ਪ੍ਰਯੋਗਾਤਮਕ ਫਾਰਮ ਆਦਿ ਦਾ ਦੌਰਾ ਕਰਕੇ ਖੁਸ਼ੀ ਪ੍ਰਗਟ ਕੀਤੀ । ਇਟਰਨਲ ਯੂਨੀਵਰਸਿਟੀ ਵਿਖੇ ਕੁਲਪਤੀ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਤਰਫੋਂ ਉਪ ਕੁਲਪਤੀ ਡਾ. ਦਵਿੰਦਰ ਸਿੰਘ, ਪ੍ਰੋ ਉਪ ਕੁਲਪਤੀ ਡਾ. ਅਮਰੀਕ ਸਿੰਘ ਆਹਲੂਵਾਲੀਆਂ ਅਤੇ ਯੂਨੀਵਰਸਿਟੀ ਨੇ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਅਤੇ ਰਜਿੰਦਰ ਸਿੰਘ ਰਾਜਾ ਚਹਿਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦਾ ਭਰਵਾ ਸਵਾਗਤ ਕੀਤਾ ਗਿਆ। ਅਕਾਲ ਅਕੈਡਮੀਜ਼ ਦੇ ਡਾਇਰੈਕਟਰ ਡਾ. ਦਵਿੰਦਰ ਸਿੰਘ ਅਤੇ ਡਾ. ਨੀਲਮ ਕੌਰ ਪ੍ਰਿੰਸੀਪਲ ਅਕਾਲ ਅਕੈਡਮੀ ਬੜੂ ਸਾਹਿਬ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਸੰਨ 1986 ’ਚ ਬੜੂ ਸਾਹਿਬ ਵਿਖੇ ਕੇਵਲ ਪੰਜ ਬੱਚਿਆਂ ਨਾਲ ਸ਼ੁਰੂ ਕੀਤੀ ਅਕਾਲ ਅਕੈਡਮੀ ਤੋਂਂ ਬਾਅਦ ਹੁਣ ਤੱਕ ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ 130 ਅਕਾਲ ਅਕੈਡਮੀਆਂ ਅਤੇ ਦੋ ਯੂਨੀਵਰਸਿਟੀਆਂ ਵਿਿਦਆਰਥੀਆਂ ਨੂੰ ਦੁਨੀਆਵੀਂ ਵਿੱਦਿਆ ਦੇ ਨਾਲ-ਨਾਲ ਅਧਿਆਤਮਕ ਵਿੱਦਿਆ ਵੀ ਸਫਲਤਾ ਪੂਰਵਕ ਪ੍ਰਦਾਨ ਕਰ ਰਹੀਆਂ ਹਨ । ਬੜੂ ਸਾਹਿਬ ਦੇ ਸੇਵਾਦਾਰ ਅਤੇ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਦੇ ਪ੍ਰਬੰਧਕ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਮੰਤਰੀ ਸਿੰਗਲਾ, ਚੇਅਰਮੈਨ ਰਜਿੰਦਰ ਸਿੰਘ ਰਾਜਾ ਚਹਿਲ ਅਤੇ ਉਨ੍ਹਾਂ ਨਾਲ ਪੁੱਜੇ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਡਾ. ਬਲਦੀਪ ਸਿੰਘ ਬੋਪਾਰਾਏ, ਡਾ. ਜਸਵੰਤ ਸਿੰਘ, ਡਾ. ਐਸ.ਕੇ. ਚੌਹਾਨ, ਡਾ. ਪਰਦੀਪ ਸਿੰਘ ਚੀਮਾ, ਡਾ. ਹਰਪ੍ਰੀਤ ਕੌਰ, ਭਾਈ ਭੁਪਿੰਦਰ ਸਿੰਘ ਮੋਗਾ, ਭਾਈ ਗੁਰਮੇਲ ਸਿੰਘ, ਭਾਈ ਬਖਸੀਸ਼ ਸਿੰਘ ਅਤੇ ਬੀਬੀ ਰੁਪਿੰਦਰ ਕੌਰ ਖਾਲਸਾ ਆਦਿ ਮੌਜੂਦ ਸਨ ।